
ਇੰਡੀਅਨ ਪ੍ਰੀਮੀਅਰ ਲੀਗ (IPL) ਵਿੱਚ ਹਰ ਸਾਲ ਨਵੀਆਂ ਪ੍ਰਤਿਭਾਵਾਂ ਉੱਭਰਦੀਆਂ ਹਨ। ਹਮੇਸ਼ਾ ਵਾਂਗ ਆਈਪੀਐਲ 2025 ਵਿੱਚ ਕਈ ਨਵੇਂ ਚਿਹਰਿਆਂ ਨੇ ਆਪਣੀ ਪਛਾਣ ਬਣਾਈ। ਇਸ ਸੀਜ਼ਨ ‘ਚ 14 ਸਾਲਾ ਨੌਜਵਾਨ ਕ੍ਰਿਕਟਰ ਵੈਭਵ ਸੂਰਿਆਵੰਸ਼ੀ ਆਪਣੀ ਧਮਾਕੇਦਾਰ ਬੱਲੇਬਾਜ਼ੀ ਕਾਰਨ ਸੁਰਖੀਆਂ ਵਿੱਚ ਰਿਹਾ। ਆਪਣੇ ਪਹਿਲੇ IPL ਟੂਰਨਾਮੈਂਟ ਵਿੱਚ ਹੀ ਵੈਭਵ ਨੇ ਇੱਕ ਸ਼ਾਨਦਾਰ ਕਾਰਨਾਮਾ ਕੀਤਾ ਹੈ ਅਤੇ ਸਭ ਤੋਂ ਤੇਜ਼ ਸੈਂਕੜਾ ਬਣਾਉਣ ਵਾਲਿਆਂ ਦੀ ਸੂਚੀ ਵਿੱਚ ਆਪਣਾ ਨਾਮ ਦਰਜ ਕਰਵਾਇਆ ਹੈ।
ਛੋਟੀ ਉਮਰ ਵਿੱਚ ਵੱਡੀ ਪ੍ਰਾਪਤੀ: ਰਾਜਸਥਾਨ ਰਾਇਲਜ਼ (RR) ਲਈ ਖੇਡਦੇ ਹੋਏ ਵੈਭਵ ਸੂਰਿਆਵੰਸ਼ੀ ਨੇ ਨਾ ਸਿਰਫ਼ ਆਪਣੇ ਪਹਿਲੇ ਸੀਜ਼ਨ ਵਿੱਚ ਇਤਿਹਾਸ ਰਚਿਆ ਬਲਕਿ ‘ਸੁਪਰ ਸਟ੍ਰਾਈਕਰ ਆਫ਼ ਦ ਸੀਜ਼ਨ’ ਦਾ ਪ੍ਰਸਿੱਧ ਪੁਰਸਕਾਰ ਵੀ ਜਿੱਤਿਆ। ਇਸ ਪੁਰਸਕਾਰ ਦੇ ਨਾਲ ਵੈਭਵ ਸੂਰਿਆਵੰਸ਼ੀ ਨੂੰ ਇੱਕ ਚਮਕਦਾਰ Tata Curvv ਨਾਲ ਨਿਵਾਜਿਆ ਗਿਆ ਹੈ। ਹਾਲਾਂਕਿ 14 ਸਾਲ ਦੀ ਉਮਰ ਹੋਣ ਕਰਕੇ ਵੈਭਵ ਅਜੇ ਇਸ ਪ੍ਰੀਮੀਅਮ SUV ਨੂੰ ਨਹੀਂ ਚਲਾ ਸਕੇਗਾ।
ਵੈਭਵ ਨੇ IPL 2025 ਵਿੱਚ 7 ਮੈਚਾਂ ਵਿੱਚ 252 ਦੌੜਾਂ ਬਣਾਈਆਂ ਜਿਸ ਵਿੱਚ ਵੈਭਵ ਦਾ ਸਟ੍ਰਾਈਕ ਰੇਟ 206.55 ਸੀ। ਵੈਭਵ ਨੇ 18 ਚੌਕੇ ਅਤੇ 24 ਛੱਕੇ ਲਗਾਏ, ਜੋ ਉਨ੍ਹਾਂ ਦੀ ਵਿਸਫੋਟਕ ਬੱਲੇਬਾਜ਼ੀ ਦਾ ਸਬੂਤ ਹੈ। ਵੈਭਵ ਦਾ ਸਭ ਤੋਂ ਯਾਦਗਾਰ ਪ੍ਰਦਰਸ਼ਨ 28 ਅਪ੍ਰੈਲ 2025 ਨੂੰ ਜੈਪੁਰ ਦੇ ਸਵਾਈ ਮਾਨਸਿੰਘ ਸਟੇਡੀਅਮ ਵਿੱਚ ਗੁਜਰਾਤ ਟਾਈਟਨਸ (GT) ਦੇ ਖਿਲਾਫ ਸੀ ਜਿੱਥੇ ਉਸ ਨੇ ਸਿਰਫ਼ 35 ਗੇਂਦਾਂ ਵਿੱਚ ਸੈਂਕੜਾ ਲਗਾਇਆ, ਜਿਸ ਨਾਲ ਉਹ IPL ਇਤਿਹਾਸ ਵਿੱਚ ਸੈਂਕੜਾ ਬਣਾਉਣ ਵਾਲਾ ਸਭ ਤੋਂ ਤੇਜ਼ ਭਾਰਤੀ ਬੱਲੇਬਾਜ਼ ਬਣ ਗਿਆ।