
ਅੰਮ੍ਰਿਤਸਰ (ਸਵਰਨ ਸਿੰਘ ਭਗਤ) :-ਇੱਕ ਪਾਸੇ ਪੰਜਾਬ ਦੇ ਵਿੱਚ ਨਸ਼ਿਆਂ ਵਿਰੁੱਧ ਯੁੱਧ ਚੱਲ ਰਿਹਾ ਹੈ ਤੇ ਦੂਜੇ ਪਾਸੇ ਲਗਾਤਾਰ ਪੰਜਾਬ ਦੇ ਨੌਜਵਾਨਾਂ ਦੀਆਂ ਨਸ਼ੇ ਕਰਕੇ ਮੌਤਾਂ ਹੋ ਰਹੀਆਂ ਹਨ। ਅਜੇ ਮਜੀਠਾ ਦੇ ਵਿੱਚ ਜ਼ਹਰੀਲੀ ਸ਼ਰਾਬ ਪੀਣ ਕਰਕੇ 27 ਲੋਕਾਂ ਦੇ ਸਿਵੇ ਠੰਡੇ ਵੀ ਨਹੀਂ ਹੋਏ ਕਿ ਅੱਜ ਤਰਨ ਤਾਰਨ ਦੇ ਪਿੰਡ ਵਰਾਣੇ ਵਿਖੇ ਇੱਕ 6 ਫੁੱਟ ਦੇ ਗੱਭਰੂ ਦੀ ਨਸ਼ੇ ਦੀ ਓਵਰਡੋਜ ਕਰਕੇ ਮੌਤ ਹੋ ਗਈ ਹੈ। ਪ੍ਰਾਪਤ ਹੋਈ ਜਾਣਕਾਰੀ ਦੇ ਮੁਤਾਬਕ ਨੌਜਵਾਨ ਬਾਹਰ ਟਰੱਕ ਡਰਾਈਵਰ ਕਰਦਾ ਸੀ ਅਤੇ ਕੁਝ ਸਮਾਂ ਪਹਿਲਾਂ ਹੀ ਪਿੰਡ ਵਾਪਸ ਆਇਆ ਸੀ। ਅੱਜ ਪਿੰਡ ਦੇ ਵਿੱਚੋਂ ਹੀ ਉਸ ਦੀ ਲਾਸ਼ ਬਰਾਮਦ ਹੋਈ ਹੈ। ਹਾਸਿਲ ਹੋਈ ਜਾਣਕਾਰੀ ਦੇ ਅਨੁਸਾਰ ਉਸ ਦੇ ਵੱਲੋਂ ਨਸ਼ੇ ਦਾ ਟੀਕਾ ਲਗਾਇਆ ਗਿਆ ਸੀ ਜਿਸ ਦੇ ਕਾਰਨ ਉਸ ਦੀ ਮੌਤ ਹੋ ਗਈ। ਆਪਣੇ ਮ੍ਰਿਤਕ ਪੁੱਤ ਦੀ ਦੇਹ ਦੇ ਕੋਲ ਕੁਰਲਾਉਂਦੇ ਹੋਏ ਮਾਂ ਪਿਓ ਦੇ ਹਾਲ ਨਹੀਂ ਦੇਖੇ ਜਾ ਰਹੇ ਸਨ। ਸਮੇਂ ਤੋਂ ਬਾਹਰ ਹੈ ਕਿ ਪੰਜਾਬ ਦੇ ਵਿੱਚ ਸਰਕਾਰ ਨਸ਼ਿਆਂ ਦੇ ਵਿਰੁੱਧ ਯੁੱਧ ਛੇੜ ਕੇ ਆਪਣੀ ਪਿੱਠ ਥਾਪ ਰਹੀ ਹੈ ਪਰ ਦੂਜੇ ਪਾਸੇ ਲਗਾਤਾਰ ਨੌਜਵਾਨਾਂ ਦੀਆਂ ਨਸ਼ੇ ਕਰਕੇ ਮੌਤਾਂ ਹੋ ਰਹੀਆਂ ਹਨ।