
ਪੰਚਕੂਲਾ ਦੇ ਸੈਕਟਰ-27 ਵਿੱਚ ਸੋਮਵਾਰ ਰਾਤ ਕਰਜ਼ੇ ਦੇ ਬੋਝ ਹੇਠ ਦੱਬੇ ਇੱਕੋ ਪਰਿਵਾਰ ਦੇ ਸੱਤ ਮੈਂਬਰਾਂ ਨੇ ਜ਼ਹਿਰ ਖਾ ਕੇ ਆਤਮ-ਹੱਤਿਆ ਕਰਨ ਦੇ ਮਾਮਲੇ ਵਿਚ ਪੁਲਿਸ ਨੇ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ਾਂ ਵਾਰਸਾਂ ਹਵਾਲੇ ਕਰ ਦਿੱਤੀਆਂ। ਇਸ ਤੋਂ ਬਾਅਦ ਮੰਗਲਵਾਰ ਨੂੰ ਉਨ੍ਹਾਂ ਦਾ ਮਨੀਮਾਜਰਾ ਸਥਿਤ ਸ਼ਮਸ਼ਾਨਘਾਟ ਵਿਚ ਸਸਕਾਰ ਕਰ ਦਿੱਤਾ ਗਿਆ। ਮਰਨ ਵਾਲਿਆਂ ਵਿੱਚ ਪਤੀ, ਪਤਨੀ, ਤਿੰਨ ਬੱਚੇ ਅਤੇ ਵੀ ਸ਼ਾਮਲ ਹਨ।
ਜ਼ਿਕਰਯੋਗ ਹੈ ਕਿ ਕਰਜ਼ੇ ਥੱਲੇ ਦੱਬੇ ਇੱਕੋ ਪਰਿਵਾਰ ਦੇ ਸੱਤ ਲੋਕਾਂ ਨੇ ਜ਼ਹਿਰ ਨਿਗਲ ਕੇ ਖੁਦਕੁਸ਼ੀ ਕਰ ਲਈ ਸੀ। ਮਿ੍ਤਕਾਂ ਦੀ ਪਛਾਣ ਪ੍ਰਵੀਨ ਮਿੱਤਲ, ਉਨ੍ਹਾਂ ਦੀ ਪਤਨੀ ਰੀਨਾ, ਪਿਤਾ ਦੇਸਰਾਜ, ਮਾਂ ਵਿਮਲਾ, ਧੀ ਧ੍ਰਵਿਕਾ ਤੇ ਡੈਲਿਸਾ ਤੇ ਪੁੱਤਰ ਹਾਰਦਿਕ ਸ਼ਾਮਲ ਹਨ। ਮੰਗਲਵਾਰ ਨੂੰ ਪੋਸਟਮਾਰਟਮ ਤੋਂ ਬਾਅਦ ਡਾਕਟਰਾਂ ਦੀ ਟੀਮ ਨੇ ਦੱਸਿਆ ਕਿ ਸਾਰਿਆਂ ਨੇ ਕੋਲਡ ਡਿ੍ੰਕ ’ਚ ਜ਼ਹਿਰ ਮਿਲਾ ਕੇ ਨਿਗਲ ਲਿਆ ਸੀ। ਜ਼ਹਿਰ ਕਿਸ ਤਰ੍ਹਾਂ ਦਾ ਸੀ, ਇਸ ਬਾਰੇ ਫੋਰੈਂਸਿਕ ਰਿਪੋਰਟ ਆਉਣ ਤੋਂ ਬਾਅਦ ਪਤਾ ਲੱਗ ਸਕੇਗਾ। ਗੱਡੀ ’ਚੋਂ ਕੁਝ ਬੈਗ ਮਿਲੇ ਹਨ, ਜਿਨ੍ਹਾਂ ਨੂੰ ਦੇਖ ਕੇ ਲੱਗਦਾ ਹੈ ਕਿ ਉਹ ਘਰ ਤੋਂ ਕਿਤੇ ਜਾਣ ਲਈ ਨਿਕਲੇ ਸਨ।
ਇਹ ਪਰਿਵਾਰ ਮੂਲ ਰੂਪ ’ਚ ਹਿਸਾਰ ਦੇ ਬਰਵਾਲਾ ਦਾ ਰਹਿਣ ਵਾਲਾ ਸੀ। ਲਗਪਗ ਦਸ ਸਾਲਾਂ ਤੋਂ ਪੂਰਾ ਪਰਿਵਾਰ ਦੇਹਰਾਦੂਨ ਰਹਿ ਰਿਹਾ ਸੀ। ਉਥੇ ਪ੍ਰਵੀਨ ਨੇ ਟੂਰ ਐਂਡ ਟ੍ਰੈਵਲਜ਼ ਦਾ ਵਪਾਰ ਸ਼ੁਰੂ ਕੀਤਾ। ਉਸ ਵਿਚ ਘਾਟਾ ਪੈ ਗਿਆ। ਇੰਨੀ ਵੱਧ ਵਿੱਤੀ ਤੰਗੀ ਸੀ ਕਿ ਖਾਣੇ ਦੇ ਵੀ ਲਾਲੇ ਪਏ ਹੋਏ ਸਨ। ਦੱਸਿਆ ਜਾ ਰਿਹਾ ਹੈ ਕਿ ਪ੍ਰਵੀਨ ਮਿੱਤਲ ’ਤੇ ਲਗਪਗ 15 ਤੋਂ 20 ਕਰੋੜ ਦਾ ਕਰਜ਼ਾ ਸੀ। ਇਸੇ ਕਰਜ਼ੇ ਕਾਰਨ ਪਰੇਸ਼ਾਨ ਹੋ ਕੇ ਪਰਿਵਾਰ ਨੇ ਇੰਨਾ ਵੱਡਾ ਕਦਮ ਚੁੱਕਿਆ।
ਪੁਲਿਸ ਨੂੰ ਮੌਕੇ ਤੋਂ ਖੁਦਕੁਸ਼ੀ ਨੋਟ ਬਰਾਮਦ ਹੋਇਆ ਹੈ। ਉਸ ਵਿਚ ਪ੍ਰਵੀਨ ਨੇ ਲਿਖਿਆ ਸੀ ਕਿ ਉਹ ਕਰਜ਼ੇ ’ਚ ਡੁੱਬਾ ਹੋਇਆ ਹੈ। ਉਸ ਨੂੰ ਸ਼ੂਗਰ ਦੀ ਬਿਮਾਰੀ ਹੈ, ਜਿਸ ਦਾ ਪੱਧਰ ਬਹੁਤ ਵੱਧ ਚੁੱਕਾ ਹੈ। ਇਸੇ ਕਾਰਨ ਉਹ ਜ਼ਿਆਦਾ ਕੰਮ ਵੀ ਨਹੀਂ ਕਰ ਪਾ ਰਿਹਾ, ਇਸ ਲਈ ਪਰਿਵਾਰ ਸਮੇਤ ਖੁਦਕੁਸ਼ੀ ਕਰਨ ਲਈ ਮਜਬੂਰ ਹੈ। ਉਸ ਨੇ ਲਿਖਿਆ ਕਿ ਉਸ ਦੇ ਸਸਕਾਰ ’ਚ ਉਸ ਦੇ ਸਹੁਰੇ ਦਾ ਇਕ ਵੀ ਪੈਸਾ ਨਹੀਂ ਲੱਗਣਾ ਚਾਹੀਦਾ। ਜੇ ਅਜਿਹਾ ਹੁੰਦਾ ਹੈ ਤਾਂ ਉਨ੍ਹਾਂ ਦੀ ਆਤਮਾ ਨੂੰ ਮੁਕਤੀ ਨਹੀਂ ਮਿਲੇਗੀ। ਉਸ ਦੀ ਭੂਆ ਦਾ ਪੁੱਤਰ ਸੰਦੀਪ ਅਗਰਵਾਲ ਲੁਧਿਆਣੇ ਰਹਿੰਦਾ ਹੈ, ਉਹੀ ਉਨ੍ਹਾਂ ਦਾ ਸਸਕਾਰ ਕਰੇ।
ਪੋਸਟਮਾਰਟਮ ਦੌਰਾਨ ਪ੍ਰਵੀਨ ਤੇ ਉਨ੍ਹਾਂ ਦੀ ਪਤਨੀ ਦੇ ਪਰਿਵਾਰਕ ਮੈਂਬਰਾਂ ’ਚ ਝਗੜਾ ਹੋ ਗਿਆ। ਰੀਨਾ ਦੇ ਪਿਤਾ ਰਾਕੇਸ਼ ਗੁਪਤਾ ਨੇ ਦੋਸ਼ ਲਾਇਆਕਿ ਜਦੋਂ ਪਰਿਵਾਰ ਕਰਜ਼ੇ ’ਚ ਡੁੱਬਿਆ ਹੋਇਆ ਸੀ ਤਦ ਪ੍ਰਵੀਨ ਦੇ ਭਰਾ ਭੈਣਾਂ ਨੇ ਕੋਈ ਮਦਦ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਉਹ ਆਪਣੀ ਧੀ ਰੀਨਾ, ਦੋਹਤੀਆਂ ਧ੍ਰਵਿਕਾ ਤੇ ਡੈਲਿਸਾ ਤੇ ਹਾਰਦਿਕ ਦਾ ਸਸਕਾਰ ਖੁਦ ਕਰਨਗੇ। ਦੋਵਾਂ ਪੱਖਾਂ ਵਿਚ ਜੰਮ ਕੇ ਹੰਗਾਮਾ ਹੋਇਆ। ਕਾਫੀ ਸਮਝਾਉਣ ਤੋਂ ਬਾਅਦ ਦੋਵੇਂ ਪੱਖ ਰਾਜ਼ੀ ਹੋਏ ਅਤੇ ਸਾਰੀਆਂ ਲਾਸ਼ਾਂ ਦਾ ਸਸਕਾਰ ਇੱਕੋ ਜਗ੍ਹਾ ਕੀਤਾ ਗਿਆ।