
ਅੰਮ੍ਰਿਤਸਰ(ਰਾਜਬੀਰ ਕੌਰ ਸੰਧੂ) ਕੱਲ ਸਾਰਾ ਦਿਨ ਅੰਮ੍ਰਿਤਸਰ ਦੇ ਵਿੱਚ ਭੀਸ਼ਣ ਗਰਮੀ ਰਹੀ ਪਰ ਦੇਰ ਰਾਤ ਚੱਲੀਆਂ ਠੰਡੀਆਂ ਹਵਾਵਾਂ ਅਤੇ ਹੋਈ ਹਲਕੀ ਬਰਸਾਤ ਨੇ ਅੰਮ੍ਰਿਤਸਰ ਦੇ ਮੌਸਮ ਨੂੰ ਇੱਕ ਵਾਰ ਫਿਰ ਸੁਹਾਵਣਾ ਕਰ ਦਿੱਤਾ।। ਜਿੱਥੇ ਕੜਾਕੇ ਦੀ ਪੈ ਰਹੀ ਗਰਮੀ ਦੇ ਚਲਦਿਆਂ ਲੋਕ ਆਪਣੇ ਕਮਰਿਆਂ ਦੇ ਵਿੱਚ ਏਸੀ ਚਲਾ ਕੇ ਪਏ ਹੋਏ ਸਨ ਉੱਥੇ ਗਰੀਬ ਵਰਗ ਪੱਖੇ ਲਗਾ ਕੇ ਘਰਾਂ ਦੀਆਂ ਛੱਤਾਂ ਜਾਂ ਵੇਹੜਿਆਂ ਦੇ ਵਿੱਚ ਸੁੱਤਾ ਹੋਇਆ ਸੀ। ਜਿਵੇਂ ਹੀ 12 ਵਜੇ ਦੇ ਕਰੀਬ ਸਮਾਂ ਹੋਇਆ ਤਾਂ ਅਚਾਨਕ ਗੁਰੂ ਕੀ ਨਗਰੀ ਦੇ ਅਸਮਾਨ ਨੂੰ ਬੱਦਲਾਂ ਨੇ ਘੇਰ ਲਿਆ ਅਤੇ ਠੰਡੀਆਂ ਹਵਾਵਾਂ ਚੱਲਣ ਲੱਗੀਆਂ ਤੇ ਨਾਲ ਹੀ ਹਲਕੀ ਬਰਸਾਤ ਹੋ ਗਈ ਜਿਸ ਨੇ ਮੌਸਮ ਨੂੰ ਬੇਹੱਦ ਸੁਹਾਵਨਾ ਕਰ ਦਿੱਤਾ। ਮੌਸਮ ਵਿਭਾਗ ਦੇ ਅਨੁਸਾਰ ਅੱਜ ਦੇਰ ਸ਼ਾਮ ਨੂੰ ਵੀ ਅੰਮ੍ਰਿਤਸਰ ਦਾ ਮੌਸਮ ਇੱਕ ਵਾਰ ਫਿਰ ਸੁਹਾਵਣਾ ਹੋਵੇਗਾ ਅਤੇ ਠੰਡੀਆਂ ਹਵਾਵਾਂ ਚੱਲਣਗੀਆਂ।