
ਅੰਮ੍ਰਿਤਸਰ ਦੇ ਇਤਿਹਾਸਕ ਨਗਰ ਛੇਹਰਟਾ ‘ਚ ਸ਼ਨੀਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਕੌਂਸਲਰ ਹਰਜਿੰਦਰ ਸਿੰਘ ਦਾ ਸ਼ਰੇਆਮ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਜਿਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਟਵੀਟ ਕਰ ਕੇ ਦੁੱਖ ਜਤਾਇਆ। ਇਸ ਦੌਰਾਨ ਜਿਥੇ ਉਨ੍ਹਾਂ ਨੇ ਮ੍ਰਿਤਕ ਕੌਂਸਲਰ ਦੇ ਪਰਿਵਾਰ ਨਾਲ ਹਮਦਰਦੀ ਜਤਾਈ ਉਥੇ ਹੀ ਪੰਜਾਬ ਦੀ ਕਾਨੂੰਨ ਵਿਵਸਥਾ ‘ਤੇ ਚਿੰਤਾ ਜਤਾਉਂਦੇ ਹੋਏ ਸਵਾਲ ਵੀ ਚੁੱਕੇ।
ਜ਼ਿਲ੍ਹਾ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਜੰਡਿਆਲਾ ਗੁਰੂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਕੌਂਸਲਰ ਹਰਜਿੰਦਰ ਸਿੰਘ ਦਾ ਗੋਲੀਆਂ ਮਾਰ ਕੇ ਕੀਤੇ ਕਤਲ ਨੇ ਪੰਜਾਬ ਦੀ ਇਸ ਬੇਕਾਬੂ ਹੋ ਚੁੱਕੀ ਅਮਨ ਕਾਨੂੰਨ ਦੀ ਸਥਿਤੀ ਨੂੰ ਪੂਰੀ ਤਰ੍ਹਾਂ ਬੇਨਕਾਬ ਕਰ ਦਿੱਤਾ ਹੈ।
ਕੁਝ ਦਿਨ ਪਹਿਲਾਂ ਵੀ ਹਰਜਿੰਦਰ ਦੇ ਘਰ ‘ਤੇ ਗੋਲੀਆਂ ਚੱਲੀਆਂ ਸਨ ਅਤੇ ਧਮਕੀਆਂ ਵੀ ਆ ਰਹੀਆਂ ਸਨ ਪਰ ਸ਼ਿਕਾਇਤ ਕਰਨ ਦੇ ਬਾਵਜੂਦ ਵੀ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ।
ਅਸੀਂ ਅਰਦਾਸ ਕਰਦੇ ਹਾਂ ਕਿ ਗੁਰੂ ਸਾਹਿਬ ਸਾਥੋਂ ਵਿਛੜੀ ਰੂਹ ਨੂੰ ਆਪਣੇ ਚਰਨਾਂ ‘ਚ ਨਿਵਾਸ ਬਖਸ਼ਣ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ। ਸ਼੍ਰੋਮਣੀ ਅਕਾਲੀ ਦਲ ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਦੇ ਨਾਲ ਮੋਢਾ ਜੋੜ ਕੇ ਖੜ੍ਹਾ ਹੈ।
ਇਸਦੇ ਨਾਲ ਹੀ ਅਸੀਂ ਮੁੱਖ ਮੰਤਰੀ ਭਗਵੰਤ ਮਾਨ ਤੇ ਪੰਜਾਬ ਪੁਲਿਸ ਮੁਖੀ ਨੂੰ ਪੁੱਛਣਾ ਚਾਹੁੰਦੇ ਹਾਂ ਕਿ ਅਕਾਲੀ ਕੌਂਸਲਰ ਵੱਲੋਂ ਸ਼ਿਕਾਇਤ ਦਰਜ ਕਰਵਾਉਣ ਦੇ ਬਾਵਜੂਦ ਵੀ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਗਈ। ਜੇਕਰ ਇਸ ਦਾ ਜਵਾਬ ਨਹੀਂ ਹੈ ਤਾਂ ਮੁੱਖ ਮੰਤਰੀ ਇਸ ਕਤਲ ਦੀ ਜਿੰਮੇਵਾਰੀ ਆਪਣੇ ਉੱਪਰ ਲਵੇ।ਤੁਹਾਨੂੰ ਦੱਸ ਦਈਏ ਕਿ ਅੰਮ੍ਰਿਤਸਰ ਦੇ ਇਤਿਹਾਸਕ ਨਗਰ ਛੇਹਰਟਾ ‘ਚ ਸ਼ਨੀਵਾਰ ਦੀ ਦੁਪਹਿਰ ਇਕ ਹੋਰ ਖੌਫਨਾਕ ਹਾਦਸਾ ਵਾਪਰਿਆ ਜਿੱਥੇ ਦਿਨ ਦਿਹਾੜੇ ਅਕਾਲੀ ਦਲ ਦੇ ਮੌਜੂਦਾ ਕੌਂਸਲਰ ਹਰਜਿੰਦਰ ਸਿੰਘ ਦੀ ਤਾਬੜਤੋੜ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ।
ਹਮਲਾਵਰ ਦੋ ਮੋਟਰਸਾਈਕਲ ਸਵਾਰ ਨੌਜਵਾਨ ਸਨ ਜੋ ਛੇਹਰਟਾ ਸਾਹਿਬ ਗੁਰਦੁਆਰੇ ਦੇ ਨੇੜੇ ਇਹ ਹਾਦਸਾ ਕਰਕੇ ਮੌਕੇ ਤੋਂ ਫਰਾਰ ਹੋ ਗਏ।ਮ੍ਰਿਤਕ ਹਰਜਿੰਦਰ ਸਿੰਘ ਜੰਡਿਆਲਾ ਗੁਰੂ ਤੋਂ ਅੰਮ੍ਰਿਤਸਰ ਕਿਸੇ ਪਰਿਵਾਰਕ ਸਮਾਗਮ ਲਈ ਆਏ ਹੋਏ ਸਨ। ਜਦ ਉਹ ਗੁਰਦੁਆਰੇ ਨੇੜੇ ਮੌਜੂਦ ਸਨ, ਉਨ੍ਹਾਂ ਉੱਤੇ ਦੋ ਹਮਲਾਵਰਾਂ ਨੇ ਮੋਟਰਸਾਈਕਲ ‘ਤੇ ਆ ਕੇ ਸਿੱਧਾ ਹਮਲਾ ਕਰ ਦਿੱਤਾ। ਗੋਲੀਬਾਰੀ ਦੌਰਾਨ ਉਨ੍ਹਾਂ ਦੇ ਸਿਰ ‘ਚ ਦੋ ਗੋਲੀਆਂ ਲੱਗੀਆਂ ਜਿਸ ਕਾਰਨ ਉਨ੍ਹਾਂ ਦੀ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਮੌਤ ਹੋ ਗਈ।